ਪਿਪ ਕਤੂਰਾ ਅਤੇ ਡਰਾਉਣੀ ਟੋਕਰੀ

ਹੈਲੋਵੀਨ ਦੀ ਸ਼ਾਮ ਪਿਪ ਕਤੂਰਾ ਅਤੇ ਉਸ ਦੇ ਦੋਸਤ ਇੱਕ ਅਜੀਬ ਟੋਕਰੀ ਵਿੱਚੋਂ ਆਉਂਦੀਆਂ ਆਵਾਜ਼ਾਂ ਦਾ ਭੇਤ ਖੋਲ੍ਹਦੇ ਹਨ।

ਪਿਪ ਨੂੰ ਅਮਰੂਦ ਦੇ ਰੁੱਖ ਹੇਠਾਂ ਪਈ ਪੁਰਾਣੀ ਟੋਕਰੀ ਤੋਂ ਡਰ ਲੱਗਦਾ ਹੈ। ਜਦੋਂ ਉਹ ਆਪਣੇ ਦੋਸਤਾਂ ਕੋਕੋ ਅਤੇ ਬੈਨੀ ਨਾਲ ਉਸ ਦੀ ਜਾਂਚ ਕਰਦਾ ਹੈ, ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅੰਦਰ ਕਿਸੇ ਨੂੰ ਮਦਦ ਦੀ ਲੋੜ ਹੈ।

ਪਿਪ ਕਤੂਰੇ ਨੂੰ ਹੈਲੋਵੀਨ ਦੀਆਂ ਬੱਤੀਆਂ ਬਹੁਤ ਪਸੰਦ ਸਨ। ਉਸ ਨੂੰ ਜਗਮਗ ਕਰਦੇ ਕੱਦੂ, ਕਾਗਜ਼ ਦੇ ਚਮਗਿੱਦੜ ਅਤੇ ਬਾਗ਼ ਦੀ ਪਗਡੰਡੀ ਉੱਤੇ ਨੱਚਦੇ ਸੰਤਰੀ ਰੰਗ ਦੇ ਪੱਤੇ ਬਹੁਤ ਚੰਗੇ ਲੱਗਦੇ ਸਨ।

ਪਰ ਪਿਪ ਨੂੰ ਅਮਰੂਦ ਦੇ ਰੁੱਖ ਹੇਠਾਂ ਪਈ ਪਿਕਨਿਕ ਵਾਲੀ ਪੁਰਾਣੀ ਟੋਕਰੀ ਚੰਗੀ ਨਹੀਂ ਸੀ ਲੱਗਦੀ। ਟੋਕਰੀ ਸਾਰਾ ਹਫ਼ਤਾ ਉੱਥੇ ਹੀ ਪਈ ਰਹੀ ਸੀ। ਉਸ ਦਾ ਢੱਕਣ ਟੇਢਾ ਸੀ, ਉਸ ਦੇ ਹੱਥੇ ਵਿੱਚ ਤਰੇੜ ਸੀ ਅਤੇ ਹਰ ਸ਼ਾਮ ਉਸ ਵਿੱਚੋਂ ਇੱਕ ਅਜੀਬ ਜਿਹੀ ਆਵਾਜ਼ ਆਉਂਦੀ ਸੀ। ‘ਸਰਸਰ… ਸਰਸਰ…’

ਪਿਪ ਨੇ ਆਪਣੀ ਖਿਡੌਣੇ ਵਾਲੀ ਹੱਡੀ ਚਬਾਉਣੀ ਰੋਕ ਦਿੱਤੀ। ਉਸ ਦੇ ਕੰਨ ਖੜ੍ਹੇ ਹੋ ਗਏ। ‘ਉੱਥੇ ਕੌਣ ਹੈ?’ ਉਸ ਨੇ ਸ਼ਾਮ ਦੀ ਚੁੱਪ ਵਿੱਚ ਹੌਲੀ ਜਿਹੀ ਆਵਾਜ਼ ਨਾਲ ਪੁੱਛਿਆ। ਟੋਕਰੀ ਨੇ ਕੋਈ ਜਵਾਬ ਨਾ ਦਿੱਤਾ, ਬਸ ਥੋੜ੍ਹੀ ਜਿਹੀ ਹਿੱਲੀ। ‘ਠੱਪ।’ ਪਿਪ ਭੱਜ ਕੇ ਕੱਦੂ ਦੀ ਵੇਲ ਦੇ ਪਿੱਛੇ ਲੁਕ ਗਿਆ।

ਅਗਲੀ ਸ਼ਾਮ ਪਿਪ ਕੋਕੋ ਬਿੱਲੀ ਨੂੰ ਨਾਲ ਲੈ ਆਇਆ। ਕੋਕੋ ਨੇ ਟੋਕਰੀ ਦੇ ਦੁਆਲੇ ਚੱਕਰ ਲਾਇਆ। ਉਸ ਦੀਆਂ ਹਰੀਆਂ ਅੱਖਾਂ ਚੰਨ ਦੀ ਰੌਸ਼ਨੀ ਵਿੱਚ ਚਮਕ ਰਹੀਆਂ ਸਨ। ‘ਇਸ ਵਿੱਚੋਂ ਅਜੀਬ ਜਿਹੀ ਗੰਧ ਆ ਰਹੀ ਹੈ,’ ਉਸ ਨੇ ਕਿਹਾ। ‘ਭੂਤ ਦੀ ਗੰਧ?’ ਪਿਪ ਨੇ ਪੁੱਛਿਆ। ‘ਨਹੀਂ। ਇਹ ਤਾਂ ਕੁਝ… ਦੁੱਧ ਵਰਗੀ ਹੈ,’ ਕੋਕੋ ਨੇ ਜਵਾਬ ਦਿੱਤਾ।

ਪਿਪ ਕੁਝ ਹੋਰ ਪੁੱਛਦਾ, ਇਸ ਤੋਂ ਪਹਿਲਾਂ ਹੀ ਟੋਕਰੀ ਹਿੱਲੀ। ‘ਸਰਸਰ… ਸਰਸਰ… ਖੁਰਚ-ਖੁਰਚ।’ ਕੋਕੋ ਉੱਛਲ ਕੇ ਪਿੱਛੇ ਹਟ ਗਈ। ‘ਤੂੰ ਵੀ ਡਰ ਗਈ!’ ਪਿਪ ਨੇ ਹੱਕਾ-ਬੱਕਾ ਹੋ ਕੇ ਕਿਹਾ। ‘ਮੈਂ ਡਰੀ ਨਹੀਂ ਹਾਂ,’ ਕੋਕੋ ਨੇ ਝੱਟ ਕਿਹਾ। ‘ਮੈਂ ਤਾਂ… ਬਸ ਹੈਰਾਨ ਹਾਂ ਤੇ ਥੋੜ੍ਹੀ ਸਾਵਧਾਨ ਵੀ।’

ਬੈਨੀ ਖਰਗੋਸ਼ ਕੱਦੂ ਦੀ ਇੱਕ ਨਿੱਕੀ ਜਿਹੀ ਲਾਲਟੈਣ ਲੈ ਕੇ ਆਇਆ। ‘ਅਸੀਂ ਕੀ ਵੇਖ ਰਹੇ ਹਾਂ?’ ਉਸ ਨੇ ਪੁੱਛਿਆ। ‘ਭੂਤਾਂ ਵਾਲੀ ਟੋਕਰੀ,’ ਪਿਪ ਨੇ ਹੌਲੇ ਜਿਹੇ ਕਿਹਾ। ਬੈਨੀ ਨੇ ਲਾਲਟੈਣ ਟੋਕਰੀ ਦੇ ਨੇੜੇ ਕੀਤੀ ਤਾਂ ਟੋਕਰੀ ਬਿਲਕੁਲ ਅਡੋਲ ਹੋ ਗਈ।

ਕੁਝ ਪਲਾਂ ਲਈ ਸਿਰਫ਼ ਹਵਾ ਨਾਲ ਹਿੱਲਦੇ ਪੱਤਿਆਂ ਦੀ ਆਵਾਜ਼ ਹੀ ਸੁਣਾਈ ਦਿੱਤੀ। ਫਿਰ—‘ਮਿਆਊਂ।’ ਪਿਪ ਦੀ ਪੂਛ ਆਕੜ ਗਈ। ਬੈਨੀ ਦੇ ਹੱਥੋਂ ਲਾਲਟੈਣ ਡਿੱਗਦੇ-ਡਿੱਗਦੇ ਬਚੀ। ਕੋਕੋ ਨੇ ਅੱਖਾਂ ਝਪਕਦਿਆਂ ਕਿਹਾ, ‘ਉਸ ਭੂਤ ਦੀ ਆਵਾਜ਼ ਤਾਂ ਬਹੁਤ ਹੀ ਨਿੱਕੀ ਜਿਹੀ ਹੈ।’

ਟੋਕਰੀ ਦਾ ਢੱਕਣ ਥੋੜ੍ਹਾ ਜਿਹਾ ਉੱਠਿਆ, ਫਿਰ ਮੁੜ ਬੰਦ ਹੋ ਗਿਆ। ਪਿਪ ਇੱਕ ਕਦਮ ਪਿੱਛੇ ਹਟ ਗਿਆ। ‘ਜੇ ਅੰਦਰੋਂ ਕੁਝ ਛਾਲ ਮਾਰ ਕੇ ਬਾਹਰ ਆ ਗਿਆ ਤਾਂ?’ ਕੋਕੋ ਸੋਚ ਵਿੱਚ ਪੈ ਗਈ। ‘ਤੇ ਜੇ ਅੰਦਰ ਕਿਸੇ ਨੂੰ ਮਦਦ ਦੀ ਲੋੜ ਹੋਵੇ ਤਾਂ?’

ਪਿਪ ਨੇ ਆਪਣੇ ਡਰ ਨੂੰ ਕਾਬੂ ਕੀਤਾ, ਹਿੰਮਤ ਕਰਕੇ ਇੱਕ ਕਦਮ ਅੱਗੇ ਵਧਾਇਆ ਅਤੇ ਢੱਕਣ ਨੂੰ ਛੂਹਿਆ। ਢੱਕਣ ਚੀਂ-ਚੀਂ ਦੀ ਆਵਾਜ਼ ਨਾਲ ਖੁੱਲ੍ਹ ਗਿਆ। ਅੰਦਰ ਬਿੱਲੀ ਦੇ ਤਿੰਨ ਨਿੱਕੇ-ਨਿੱਕੇ ਬੱਚੇ ਇੱਕ ਪੁਰਾਣੇ ਰੁਮਾਲ ਉੱਤੇ ਇਕੱਠੇ ਸਿਮਟੇ ਹੋਏ ਸਨ। ਉਹ ਠੰਢ ਨਾਲ ਕੰਬ ਰਹੇ ਸਨ।

‘ਓਹ,’ ਪਿਪ ਨੇ ਹੌਲੇ ਜਿਹੇ ਕਿਹਾ। ‘ਤਾਂ ਇਸ ਟੋਕਰੀ ਵਿੱਚ ਭੂਤ ਨਹੀਂ, ਤੁਸੀਂ ਸੀ!’ ਬਿੱਲੀ ਦੇ ਇੱਕ ਬੱਚੇ ਨੂੰ ਛਿੱਕ ਆਈ, ‘ਆਛੂ!’ ਬੈਨੀ ਸੁੱਕੇ ਪੱਤੇ ਲੈ ਆਇਆ, ਕੋਕੋ ਨੇ ਬਿੱਲੀ ਦੇ ਬੱਚਿਆਂ ਨੂੰ ਹੌਲੇ-ਹੌਲੇ ਸਾਫ਼ ਕੀਤਾ ਅਤੇ ਪਿਪ ਉਨ੍ਹਾਂ ਨੂੰ ਨਿੱਘਾ ਰੱਖਣ ਲਈ ਆਪਣਾ ਨੀਲਾ ਕੰਬਲ ਖਿੱਚ ਲਿਆਇਆ।

ਛੇਤੀ ਹੀ ਪੁਰਾਣੀ ਟੋਕਰੀ ਨਿੱਘੀ ਤੇ ਆਰਾਮ ਵਾਲੀ ਥਾਂ ਬਣ ਗਈ। ਉਹ ਫਿਰ ਹਿੱਲੀ, ਪਰ ਇਸ ਵਾਰ ਪਿਪ ਮੁਸਕਰਾਇਆ। ਬਸ ਬਿੱਲੀ ਦੇ ਤਿੰਨੇ ਨਿੱਕੇ ਬੱਚੇ ਕੰਬਲ ਵਿੱਚ ਹੋਰ ਅੰਦਰ ਸਿਮਟ ਰਹੇ ਸਨ।

ਉਸ ਰਾਤ ਕੱਦੂਆਂ ਦੀਆਂ ਬੱਤੀਆਂ ਜਗਮਗਾ ਰਹੀਆਂ ਸਨ, ਪੱਤੇ ਹੌਲੇ-ਹੌਲੇ ਸਰਸਰਾ ਰਹੇ ਸਨ ਅਤੇ ਪਿਪ ਬਿਨਾਂ ਕਿਸੇ ਡਰ ਦੇ ਟੋਕਰੀ ਕੋਲ ਲੇਟਿਆ ਹੋਇਆ ਸੀ। ਕਈ ਵਾਰ ਜੋ ਸਾਨੂੰ ਡਰਾਉਣਾ ਲੱਗਦਾ ਹੈ, ਉਹ ਸਿਰਫ਼ ਕੋਈ ਨਿੱਕਾ ਜਿਹਾ ਜੀਵ ਹੁੰਦਾ ਹੈ, ਜੋ ਉਡੀਕ ਕਰ ਰਿਹਾ ਹੁੰਦਾ ਹੈ ਕਿ ਕੋਈ ਉਸ ਨੂੰ ਸਮਝੇ।

ਸਿੱਖਿਆ: ਹਰ ਅਜੀਬ ਆਵਾਜ਼ ਡਰਾਉਣੀ ਨਹੀਂ ਹੁੰਦੀ। ਕਈ ਵਾਰ ਕੋਈ ਚੁੱਪ-ਚਾਪ ਸਾਡੇ ਕੋਲੋਂ ਥੋੜ੍ਹੇ ਜਿਹੇ ਪਿਆਰ ਅਤੇ ਦਇਆ ਦੀ ਮੰਗ ਕਰ ਰਿਹਾ ਹੁੰਦਾ ਹੈ।

Punjabi